Loading...
You are here:  Home  >  ਲੇਖ  >  Current Article

ਪੰਜਾਬੀ ਦਾ ਕੰਪਿਊਟਰ ਕੀ-ਬੋਰਡ – ਇੱਕ ਚੁਣੌਤੀ

August 31, 2015

   “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ”  ਕਹਾਵਤ ਵਰਤਣ  ਵਾਲੇ  ਬਹੁਤ, ਪਰ ਇਸ ਵਿੱਚਲੇ ਦਰਦ ਅਤੇ  ਡੁੰਘਾਈ ਨੂੰ ਸਮਝਣ ਵਾਲ਼ੇ ਸ਼ਾਇਦ ਬਹੁਤ ਘੱਟ ਲੋਕ ਹੋਣਗੇ।  ਪੰਜਾਬੀ ਭਾਸ਼ਾ ਨਾਲ਼ ਵਿਤਕਰੇ ਦਾ ਇਤਿਹਾਸ ਕਿੰਨਾ ਲੰਬਾ ਹੈ ਆਪਾਂ ਇਸ ਬਹਿਸ ਵਿੱਚ ਵੀ ਨਹੀਂ ਪੈਣਾ। ਨਾ ਹੀ ਕਿ ਕੰਪਿਊਟਰ ਦਾ ਜਨਮ ਕਦੋਂ ਤੇ ਕਿਵੇਂ ਹੋਇਆ?  ਪੰਜਾਬੀ ਸੂਬੇ ਦਾ ਮੁੱਢ ਕਿਉਂ ‘ਤੇ ਕਿਵੇਂ ਬੱਝਿਆ ਆਦਿ ਵਿਸ਼ੇ ਅਤੇ ਕਈ ਹੋਰ ਸਮੱਸਿਆਵਾਂ ਵੱਲ ਸੰਕੇਤ ਇਸ਼ਾਰਾ ਮਾਤਰ ਹੀ ਕਾਫੀ ਹੋਵੇਗਾ। ਸਮਝਣ ਵਾਲ਼ੇ ਸਮਝ ਜਾਣਗੇ।

ਕੀ-ਬੋਰਡ ਦਾ ਪਿਛੋਕੜ:

  ਕੀ-ਬੋਰਡ ਦਾ ਜਨਮ ਕੰਪਿਊਟਰ ਤੋਂ ਬਹੁਤ ਚਿਰ ਪਿਹਲਾਂ ਹੋਇਆ ਪਰ ਇਸ ਨਵੇਂ ਜਨਮੇ ਬਾਲ ਨੇ ਜਨਮ ਲੈਂਦਿਆਂ ਹੀ ਆਪਣੇ ਅਦਭੁੱਤ ਚਮਤਕਾਰ ਦਿਖਾਉੁਣੇ ਸ਼ੁਰੂ ਕਰ ਦਿੱਤੇ। ਦੁਨੀਆਂ ਦੀਆਂ ਜਿਨਾਂ ਭਾਸ਼ਾਵਾਂ ਨੇ ਕੀ-ਬੋਰਡ ਦਾ ਕਦੇ ਸੁਪਨਾ ਵੀ ਨਹੀਂ ਸੀ ਲਿਆ ਉਹ ਖੁਦ ਹੈਰਾਨ ਸਨ। ਬਿੱਲ ਗੇਟਸ ਦੇ ‘ਦਿਮਾਗੀ ਬੱਚੇ’ ਮਾਈਕਰੋਸੌਫਟ ਨੇ ਆਪਣੇ ਚਮਤਕਾਰੀ ਕਾਰਨਾਮਿਆਂ ਨਾਲ਼ ਸਾਰੀ ਦੁਨੀਆਂ ਨੂੰ ਹੈਰਾਨ ਕਰਨਾ ਸ਼ੁਰੂ ਕਰ ਦਿੱਤਾ। ਮਾਈਕਰੋਸੌਫਟ ਨੇ ਨਵੀਂ ਕਾਢ ਦੇ ਨਾਲ਼ ਹੀ ਅੱਸੀਵਿਆਂ ਦੇ ਅਰੰਭ ਵਿੱਚ ਹੀ ਆਪਣੀ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਦੁਨੀਆਂ ਭਰ ਦੇ ਵਿਕਸਿਤ ਦੇਸ਼ਾਂ ਨੂੰ ਆਪਣੀ ਆਪਣੀ ਭਾਸ਼ਾ ਦਾ ਕੀ-ਬੋਰਡ ਤਿਆਰ ਕਰ ਕਰਕੇ ਦੇਣ ਲਈ ਉੁਕਸਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤ ਦੀ ਸਰਕਾਰ ਨੇ ਵੀ ਆਪਣੀਆਂ ਸਭ ਭਾਸ਼ਾਵਾਂ ਦਾ ਕੀ-ਬੋਰਡ ਤਿਆਰ ਕਰਵਾਇਆ।  ਪੰਜਾਬੀ ਦੇ ਕੀ-ਬੋਰਡ ਦਾ ਕੰਮ ਥਾਪਰ ਇੰਸਟੀਚਿਊੂਟ ਪਟਿਆਲ਼ਾ ਨੂੰ ਸੌਂਪਿਆ ਗਿਆ ਜਿਨਾਂ ਨੇ ਆਪਣੀ ਸਮਝ ਅਨੁਸਾਰ ਪੰਜਾਬੀ ਦਾ ਕੀ-ਬੋਰਡ ਤਿਆਰ ਕਰਕੇ ਭਾਰਤੀ ਸਰਕਾਰ ਦੇ ਹਵਾਲੇ ਤੇ ਉਨਾਂ ਅਗੋਂ ਮਾਈਕਰੋਸੌਫਟ ਨੂੰ ਸੌਂਪ ਦਿੱਤਾ ਜੋ ਹੁਣ ਹਰ ਨਵੇਂ ਕੰਪਿਊਟਰ ‘ਤੇ ਲਾਜ਼ਮੀ ਤੌਰ ‘ਤੇ ਉਪਲਬਧ ਹੈ ਭਾਵ ਕਿ ਵਿੰਡੋਜ਼ ਦਾ ਇੱਕ ਅੰਗ ਹੀ ਹੈ। ਪਰ ਉੁਸ ਸ਼ੁਰੂ ਸਮੇਂ ਦੌਰਾਨ ਤਕਨੀਕੀ ਤੌਰ ਤੇ ਰੌਸ਼ਨ ਪੰਜਾਬੀ ਦਿਮਾਗਾਂ ਦੀ ਘਾਟ ਜਾਂ ਅਣਹੋਂਦ ਦੇ ਕਾਰਨ ਇਸ ਵਿੱਚਲੀਆਂ ਅਨੇਕਾਂ  ਖਾਮੀਆਂ/ਤਰੁਟੀਆਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ। ਜੇ ਕਿਸੇ ਦਾ ਗਿਆ ਵੀ ਹੋਵੇਗਾ ਤਾਂ ਉੁਸਨੇ “ਹਊੂ ਪਰੇ – ਮੈਨੂੰ ਕੀ – ਏੇਹ ਹੀ ਚੱਲੂ” ਦੀ ਪ੍ਰਚੱਲਤ ਮਾਨਿਸਕਤਾ ਤਹਿਤ ਅਣਗੌਲਿਆਂ ਕਰ ਦਿੱਤਾ ਹੋਵੇਗਾ।  ਇਸੇ ਅਣਗਿਹਲੀ ਕਾਰਨ ਜੋ ਦੁਰਦਸ਼ਾ ਦਾ ਸਾਹਮਣਾ ਪੰਜਾਬੀ ਭਾਸ਼ਾ ਨੂੰ ਕਰਨਾ ਜਾਂ ਹੁਣ ਤੱਕ ਸਹਾਰਨਾ ਪਿਆ ਉੁਸ ਦਾ ਖਮਿਆਜਾ ਅੱਜ ਪੰਜਾਬੀ ਭਾਸ਼ਾ ਸਾਰੀ ਦੁਨੀਆਂ ਵਿੱਚ ਭੁਗਤ ਰਹੀ ਹੈ।  ਕੱਟੀ ਹੋਈ ਪਤੰਗ ਵਾਂਗ ਇੱਧਰ ਉੱਧਰ ਜਾਂ ਅਵਾਰਾ ਜਾਨਵਰ ਦੀ ਤਰਾਂ ਦਰ ਦਰ ਭਟਕ ਰਹੀ ਹੈ।  ਜਿਸ ਵਸਤੂ ਜਾਂ ਜਾਨਵਰ ਦਾ ਕੋਈ ਵਾਲੀ ਵਾਰਸ ਨਾ ਹੋਵੇ ਉੁਸਦੇ ਹਸ਼ਰ ਦਾ ਸਭ ਨੂੰ ਪਤਾ ਹੀ ਹੈ, “ਗਰੀਬ ਦੀ ਵਹੁਟੀ ਸਭ ਦੀ ਭਾਬੀ” ਅਤੇ ਬਿਲਕੁਲ ਓਹੀ ਹਸ਼ਰ ਪੰਜਾਬੀ ਭਾਸ਼ਾ ਦਾ ਕੰਪਿਊਟਰ ਦੀ ਹੋਂਦ ਵੇਲੇ ਹੋਣ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਹੋ ਰਿਹਾ ਹੈ।   ਜਮਾਂਦਰੂ ਤਰੁੱਟੀਆਂ ਅਤੇ ਊਣਤਾਈਆਂ ਕਾਰਨ ਇਸ ਉਪਲਬਧ ਕੀ-ਬੋਰਡ (‘ਇਨਸਕਰਿਪਟ’) ਨੂੰ ਪੰਜਾਬੀਆਂ ਵਲੋਂ ਨਾ-ਮਨਜ਼ੂਰ (ਅ-ਪਰਵਾਨ) ਕਰ ਦਿੱਤਾ ਗਿਆ ਜਿਸ ਕਰਕੇ ਇਸ ਦੀ ਦੁਰ-ਵਰਤੋਂ ਨਾ ਸਿਰਫ ਭਾਰਤ ਵਿੱਚ ਹੀ ਹੋਈ ਸਗੋਂ ਬਾਹਰਲੇ ਦੇਸ਼ਾਂ ਵਿੱਚ ਵੀ ਸ਼ਰੇਆਮ ਕੀਤੀ ਗਈ ਤੇ ਹੋ ਰਹੀ ਹੈ।  ਏਸੇ ਕਰਕੇ ਕਿਸੇ ਦਾ ਕਿਸੇ ਨਾਲ਼ ਫੌਂਟ ਮੇਲ਼ ਨਹੀਂ ਖਾਂਦਾ।  ਹਰ ਇੱਕ ਦੀ ਵੱਖਰੀ ਬੰਸਰੀ ਦੀ ਆਪਣੀ ਵੱਖਰੀ ਸੁਰ ਹੈ। ਏਸੇ ਨਾਲ਼ ਕੰਪਿਊਟਰ ਉੱਪਰ ਪੰਜਾਬੀ ਭਾਸ਼ਾ ਦੀ ਵਰਤੋਂ ਦੇ ਮਿਆਰੀਕਰਨ ਨੂੰ ਡਾਢੀ ਸੱਟ ਵੱਜੀ। ਸਮੱਸਿਆ ਦਾ ਹੱਲ ਕੱਢਣ ਦਾ ਇੱਕ ਵੀ ਉਪਰਾਲਾ ਨਹੀਂ ਹੋਇਆ, ਨਾ ਕੀਤਾ ਗਿਆ।  ਕੋਈ ਸੁਧਾਰ ਹੋਣ ਦੀ ਬਜਾਏ ਸਮੱਸਿਆ ਓਸੇ ਤਰਾਂ, ਓਥੇ ਹੀ ਖੜੀ ਹੈ।  ਦਰਅਸਲ ਸਮੱਸਿਆ ਦਾ ਹੱਲ ਤਾਂ, ਤਾਂ ਨਿੱਕਲ਼ੇ ਜੇ ਕੋਈ ਅਸਲ ਸਮੱਸਿਆ ਸਮਝੇ ਤੋਂ।

ਮੌਜੂਦਾ ਹਾਲਤ:

   ਪਰ ਏੇਸ ਤੋਂ ਵੀ ਹੈਰਾਨੀ ਅਤੇ ਦੁੱਖ ਭਰੇ ਸਿਤਮ ਦੀ ਗੱਲ ਇਹ ਹੈ ਕਿ ਇਹ ਦੁਰਦਸ਼ਾ ਕਿਸੇ ਨੂੰ ਵੀ ਦਿਸ ਨਹੀਂ ਰਹੀ! ਜਾਂ ਜਿਸਨੂੰ ਦਿਸੀ ਵੀ ਉੁਹ ਵੀ ਕਬੂਤਰ ਵਾਂਗ ਚੁੱਪ ਚਾਪ ਅੱਖਾਂ ਮੀਟ ਕੇ ਬੈਠ ਗਏ।  ਉੁਨਾਂ ‘ਤੇ ਕੋਈ ਅਸਰ ਹੀ ਨਹੀਂ ਹੋਇਆ ਤੇ ਨਾ ਹੀ ਹੋਣ ਵਾਲ਼ਾ ਲੱਗਦਾ ਹੈ।  ਕੋਈ ਸ਼ੱਕ ਹੈ ਤਾਂ ਕਿਸੇ ਨਾਲ਼ ਵੀ ਗੱਲ ਕਰਕੇ ਦੇਖ ਲਓ, ਕਿ ਕੀ ਕਾਰਨ ਹਨ ਪੰਜਾਬੀ ਦੀ ਦੁਰਦਸ਼ਾ ਦੇ ਜਾਂ ਪੰਜਾਬੀ ਦੀ ਹਾਲਤ ਪੁੱਛ ਕੇ ਦੇਖ ਲਓ, ਉਸਦਾ ਜਵਾਬ – ਬਿਲਕੁਲ ਪੰਜਾਬ ਦੇ ਮੁੰਖ ਮੰਤਰੀ ਬਾਦਲ ਦੀ ਸੁਰ ਵਾਲ਼ਾ ਹੋਵੇਗਾ – ਮੈਨੂੰ ਤਾਂ ਜੀ ਇਸ ਦੇ ਬਾਰੇ ਵਿੱਚ ਕੁਛ ਨੀ ਪਤਾ – ਕੋਈ ਜਾਣਕਾਰੀ ਨਹੀਂ – ਮੈਂ ਤਾਂ ਜੀ ਕਦੇ ਇਸ ਬਾਰੇ ਸੋਚਿਆ ਹੀ ਨਹੀਂ – ਮੈਂ ਤਾਂ ਜੀ ਕਦੇ ਕੰਪਿਊੂਟਰ ਨੂੰ ਡਰਦੇ ਨੇ ਕਦੇ ਹੱਥ ਈ ਨੀ ਲਾਇਆ; ਜੀ ਇਹ ਮੇਰਾ ਖੇਤਰ ਹੀ ਨਹੀਂ ਆਦਿ। ਏਸ ਤੋਂ ਵੀ ਹੋਰ ਵੱਡੀ ਹੈਰਾਨੀ ਤੇ ਤਰਾਸਦੀ ਵਾਲ਼ੀ ਗੱਲ ਕਿ ਕੰਪਿਊੂਟਰ ਮਾਹਰ ਵੀ ਏਸ ਗੱਲ ਤੋਂ ਬੜੀ ਚੁਸਤੀ ਨਾਲ਼ ਝੱਟ ਪੱਲਾ ਝਾੜ ਦਿੰਦੇ ਹਨ ਕਿ, ਜੀ ਕੀ-ਬੋਰਡ ਦੀ ਤਾਂ ਲੋੜ ਈ ਨੀ ਕੋਈ, ਸਾਡੇ ਕੋਲ਼ ਹੋਰ ਵਥੇਰੇ ਹੱਲ ਹਨ ਤੁਸੀਂ ਸਾਥੋਂ ਹਰ ਬਣਿਆ ਬਣਾਇਆ ਹੱਲ ਖਰੀਦੋ ਅਤੇ ਆਪਣਾ ਕੰਮ ਚਲਾਓ ।

         ਇੰਟਰਨੈੱਟ ਤੇ ਜਾ ਕੇ ਦੇਖ ਲਵੋ ਹਰ ਕੋਈ ਆਪਣੇ ਆਪਣੇ ਪਾਪੜ ਵੇਚ ਰਿਹਾ ਹੈ।  ਜਿਵੇਂ ਭਾਰਤ ਦੇ ਪਿੰਡਾਂ ਵਿੱਚ ਥਾਂ ਥਾਂ ਆਰ.ਐੈਮ. ਪੀ. ਡਾਕਟਰਾਂ ਨੇ ਦੁਕਾਨਾਂ ਖੋਹਲ ਰੱਖੀਆਂ ਹਨ।  ਜਿੱਥੇ ਭੋਲ਼ਾ ਭਾਲ਼ਾ ਗਾਹਕ / ਮਰੀਜ ਕਿਸੇ ਨਾ ਕਿਸੇ ਦੇ ਚੁੰਗਲ ਵਿੱਚ ਫਸ ਹੀ ਜਾਂਦਾ ਹੈ ‘ਤੇ ਉਹ ਆਪਣੇ ਇਲਾਜ ਲਈ ਘਟੀਆ ਕਿਸਮ ਦੀ ਦਵਾਈ ਖਰੀਦ ਕੇ ਉਮਰ ਦੀ ਬਿਮਾਰੀ ਸਹੇੜ ਲੈਂਦਾ ਹੈ।  ਇਨਾਂ ਨੀਮ ਹਕੀਮਾਂ ਦੇ ਦੋ-ਨੰਬਰੀ ਇਲਾਜ ਦੀ ਪਕੜ ਵਿੱਚ ਫਸ ਕੇ ਬਹੁਤ ਸਾਰੇ ਅਨਪੜ੍ ਅਤੇ ਪੜ੍ਹੇ ਲਿਖੇ ਗਾਹਕ/ਮਰੀਜ ਬਰਾਬਰ ਦੀ ਸਜਾ ਭੁਗਤ ਰਹੇ ਹਨ।  ਹੋਰ ਵੀ ਅਫਸੋਸ ਦੀ ਗੱਲ ਇਹ ਕਿ ਕੋਈ ਵੀ ਕਿਸੇ ਨੂੰ, ਕੁਛ ਦੱਸ ਪੁੱਛ ਸਕਦਾ ਹੀ ਨਹੀਂ ਕਿਉਂਕਿ ਉਹ ਇੱਕ ਦੂਜੇ ਦੀ ਭਾਸ਼ਾ ਸਮਝ ਹੀ ਨਹੀਂ ਸਕਦੇ ਤੇ ਸ਼ਾਇਦ ਏਹੋ ਹੀ ਨੀਮ ਹਕੀਮਾਂ ਦੀ ਆਪੋ ਆਪਣੀ ਕਾਮਯਾਬੀ ਦਾ ਰਾਜ ਹੈ। ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲ਼ਾ ਥਾਂ ਦੀ ਥਾਂ’ ਵਾਲ਼ੀ ਹਾਲਤ ਬਣੀ ਹੋਈ ਹੈ।  ਹਰ ਕੋਈ ਆਪਣੀ ਕਾਮਯਾਬੀ ਦੇ ਪਰਚਮ ਅਤੇ ਆਪਣਾ ਢੋਲ ਹੋਰ ਉੱਚਾ ਕਰੀ ਜਾ ਰਿਹਾ ਹੈ।  ਇਸ ਕਾਵਾਂ ਰੌਲ਼ੀ ਵਿੱਚ ‘ਵਿਚਾਰੀ ਪੰਜਾਬੀ’ ਸ਼ਿਕਾਰੀਆਂ ਦੇ ਜਾਲ਼ ‘ਚ ਕਸੂਤੀ ਫਸੀ ਕੀ ਮਹਿਸੂਸ ਕਰ ਰਹੀ ਹੈ?  ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਇਸ ਦੀ ਕਿਸੇ ਨੂੰ ਵੀ ਪਰਵਾਹ ਨਹੀਂ ਹੈ!

ਖੁੰਝ ਗਏੇ ਮੌਕੇ:

   ਅੱਸੀਵਿਆਂ ਦੇ ਸ਼ੁਰੂ ਵਿੱਚ ਹੀ ਬਰਤਾਨਵੀ ਸਰਕਾਰ ਦੇ ਸਿੱਖਿਆ ਮਹਿਕਮੇ ਨੇ ਕੰਪਿਊੂਟਰ ਦੀ ਸਾਰਥਕ ਵਰਤੋਂ ਦੀ ਅਸੀਮ ਸਮਰੱਥਾ ਨੂੰ ਅਗਾਊਂ ਹੀ ਭਾਂਪਦਿਆਂ ਹਰ ਸਕੂਲ ਕਾਲਜ ਵਿੱਚ ਇਸਦੀ ਵਰਤੋਂ ਨੂੰ ਲਾਜ਼ਮੀ ਬਣਾਉੁਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਪੂਰਾ ਖੋਹਲ ਦਿੱਤਾ। ਸਰਕਾਰ ਦੀ ਇਸ ਫਰਾਖ਼ ਦਿਲੀ ‘ਤੇ ਕੋਈ ਸ਼ੱਕ ਨਹੀਂ ਕਿ ਉਸਨੇ ਹਰ ਭਾਸ਼ਾ ਨੂੰ ਬਰਾਬਰ ਦਾ ਮੌਕਾ ਦੇਣ ਦਾ ਪੂਰਾ ਯਤਨ ਕੀਤਾ।  ਪੰਜਾਬੀ, ਯੂਰਪ ਦੀ ਘੱਟ ਗਿਣਤੀ ਭਾਸ਼ਾ ਗਿਣੀ ਗਈ।  ਹਰ ਭਾਈਚਾਰੇ ਨੂੰ ਉੁਤਸ਼ਾਹਤ ਕੀਤਾ ਗਿਆ ਕਿ ਉਹ ਕੰਪਿਊੂਟਰ ਰਾਹੀਂ ਆਪਣੀ ਆਪਣੀ ਭਾਸ਼ਾ ਦੀ ਪੜਾਈ ਨੂੰ ਹੱਲਾਸ਼ੇਰੀ ਦੇਣ ਅਤੇ ਸਮਰੱਥ ਬਣਾਉਣ ਲਈ ਆਪਣਾ ਯੋਗ ‘ਸੌਫਟਵੇਅਰ’ (ਕੰਪਿਊੂਟਰ ਤੇ ਵਰਤੇ ਜਾਣ ਵਾਲ਼ੇ ਉਪਕਰਣ) ਤਿਆਰ/ਉਪਲਬਧ ਕਰਾਉਣ ਲਈ ਹਰ ਸੰਭਵ ਯਤਨ ਕਰਨ। ਇਸ ਮੰਤਵ ਨੂੰ ਪੂਰਾ ਕਰਨ ਲਈ ਲੋੜੀਂਦੇ ਫੰਡ ਵੀ ਨੀਯਤ ਕੀਤੇ ਗਏ। ਅਮਰੀਕਾ ਵਿੱਚ ਡਾ. ਥਿੰਦ ਅਤੇ ਬਰਤਾਨੀਆ ਵਿੱਚ ਡਾ. ਬਲਦੇਵ ਕੰਦੋਲ਼ਾ ਵਲੋਂ ਏਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਜੋ ਕਿ ਪੰਜਾਬੀ ਭਾਸ਼ਾ ਲਈ ਬਹੁਤ ਹੀ ਮਾਣ ਵਾਲ਼ੀ ਗੱਲ ਸੀ ਤੇ ਅੱਜ ਵੀ ਹੈ।  ਪਰ ਇਹ ਮਾਣ ਕਰੇ ਕੌਣ?

        ਅੱਸੀਵਿਆਂ ਦੇ ਇਸ ਪ੍ਰੋਗਰਾਮ ਅਧੀਨ ਡਾ. ਬਲਦੇਵ ਕੰਦੋਲ਼ਾ ਤੇ ਸਾਥੀਆਂ ਦੀ ਮਿਹਨਤ ਤੇ ਉੱਦਮ ਸਦਕਾ ਤਿਆਰ ਕੀਤੇ ‘ਪੰਜਾਬੀ ਵਰਡ ਪਰੋਸੈਸਰ’ (ਕੰਪਿਊਟਰ ਤੇ ਪੰਜਾਬੀ ਲਿਖਣ ਵਿਧੀ)  ਬਰਤਾਨੀਆ ਦੇ ਅਨਗਿਣਤ ਸਕੂਲਾਂ ਅਤੇ ਕਾਲਜਾਂ ਵਿੱਚ ਵਰਤਣੇ ਸ਼ੁਰੂ ਹੋ ਗਏ ਸਨ।  ਪਰ ਉੁਨਾਂ ਦੇ ਏਸ ਵਿਸ਼ੇਸ਼ ਉੁੱਦਮ ਦਾ ਪੰਜਾਬੀ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਤਾਂ ਕੀ ਹੋਣਾ ਸੀ, ਸਗੋਂ ਉੁਨਾਂ ਦੀ ਲਗਨ ਭਰੀ ਖੋਜ ਦੇ ਕੰਮ ਨੂੰ ਜੜੋਂ ਹੀ ਅਣਗੌਲ਼ਿਆਂ ਕਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀ ਬਰਤਾਨਵੀ ਸਰਕਾਰ ਵਲੋਂ ਵਿਸ਼ੇਸ਼ ਤੌਰ ‘ਤੇ ਦਿੱਤੇ ਫੰਡ ਦਾ ਪੰਜਾਬੀ ਭਾਸ਼ਾ ਨੂੰ ਕੋਈ ਲਾਭ ਨਾ ਹੋਇਆ ਕਿਉਂਕਿ ਪੰਜਾਬੀ ਇਸ ਫੰਡ ਤੋਂ ਕੋਈ ਵੀ ਲਾਭ ਲੈਣ ਤੋਂ ਅਸਮਰੱਥ ਰਹੇ।  ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਭਾਰਤ ਵਿੱਚੋਂ ਪੰਜਾਬੀ ਸਿੱਖਾਉਣ ਦੇ ਸਾਧਨ/ਸਾਫਟਵੇਅਰ ਖਰੀਦਣ ਲਈ ਬਣੇ ਜਾਂ ਬਣਾਏ ਹੀ ਨਹੀਂ ਜਾ ਸਕੇ ਸਨ।  ਸਰਕਾਰ ਕੀ ਕਰਦੀ, ਉਸਨੇ ਉਹ ਫੰਡ ਵਾਪਸ ਲੈ ਲਏ। ਅਫਸੋਸ ਕਿ ਇਸ ਜ਼ਿਕਰਯੋਗ ਯੋਗਦਾਨ ਅਤੇ ਉੱਦਮੀ ਉਪਰਾਲੇ ਦੀ ਪੰਜਾਬੀ ਭਾਈਚਾਰੇ ਵਲੋਂ ਕੋਈ ਕਦਰ ਨਹੀਂ ਪਾਈ ਗਈ।  ਪੰਜਾਬੀ ਭਾਈਚਾਰੇ ਵਿੱਚ ਆਮ ਸਮਝ ਅਤੇ ਦੂਰ-ਅੰਦੇਸ਼ੀ ਦੀ ਘਾਟ ਕਾਰਨ ਹੀ ਹੁਣ ਤੱਕ ਪੰਜਾਬੀ ਜ਼ੁਬਾਨ ਅਤੇ ਕੌਮ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੀਡਰ ਲੋਕਾਂ ਨੂੰ ਦਿਸਦੀ ਤਰੱਕੀ ਨੂੰ ਦੇਖਣ ਵਾਲ਼ੀ ਐੈਨਕ ਦਾ ਸ਼ੀਸ਼ਾ ਸ਼ਾਇਦ ‘ਮੇਡ ਇਨ ਸਪੇਸ’ ਹੈ।  ਬਹੁਤੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ।

ਆਸ ਦੀ ਕਿਰਨ:

   ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਹੁਣ ਤਾਂ ਕਈ ਬਾਰਾਂ ਸਾਲ ਬੀਤ ਗਏੇ ਹਨ।  ਜ਼ਿੰਦਗੀ ‘ਚ ਕੁਛ ਕਰ ਜਾਣ ਦਾ ਇਸ਼ਕ ਜਿਨਾਂ ਦੇ ਹੱਡੀਂ ਰਚਿਆ ਹੋਵੇ ਤੇ ਉੁਹ ਆਰਾਮ ਨਾਲ਼ ਬੈਠੇ ਰਹਿਣ – ਗੱਲ ਕੁੱਝ ਜਚਦੀ ਜਹੀ ਨਹੀ। ਹਿੰਮਤੀ ਅਤੇ ਉੱਦਮੀ ਲੋਕ ਕਦੇ ਟਿਕ ਕੇ ਨਹੀਂ ਬੈਠ ਸਕਦੇ।  ਉਨਾਂ ਦੇ ਅੰਦਰਲਾ ਸੁਪਨਾ ਸਦਾ ਹੀ ਲਿਸ਼ਕਦਾ ਰਹਿੰਦਾ ‘ਤੇ ਉਨਾਂ ਨੂੰ ਜਗਾਈ ਰੱਖਦਾ ਹੈ।  ਨਹੀਂ ਤਾਂ ਇੰਨੀਆਂ ਵੱਡੀਆਂ ਵੱਡੀਆਂ ਕਾਢਾਂ ਨੂੰ ਕੌਣ ਅੰਜਾਮ ਦਿੰਦਾ?  ਡਾ. ਬਲਦੇਵ ਕੰਦੋਲਾ ਵੀ ਉਨਾਂ ਵਰਗਾ ਹੀ ਹਿੰਮਤੀ, ਉੱਦਮੀ ਅਤੇ ਸਿਰੜੀ ਪੰਜਾਬੀ ਹੈ ਜਿਸਨੇ ਆਪਣੀ ਲਗਨ ਦੇ ਲੇਖੇ ਚੱਪਾ ਸਦੀ ਲਾ ਦਿੱਤੀ। ‘ਪੰਜਾਬੀ ਵਿਕਾਸ ਮੰਚ, ਯੂ ਕੇ’ ਦੇ ਸਹਿਯੋਗ ਨਾਲ ਉੁਸਨੇ ਅਪਣੀ ਇਸ ਘਾਲ਼ਣਾ ਨਾਲ਼, ਆਮ ਲੋਕਾਂ ਵਲੋਂ ਰੱਦ ਕੀਤੇ ਗਏ ਅਤੇ ਅਪਰਵਾਨਤ ‘ਇਨਸਕਰਿਪਟ’ ਕੀ-ਬੋਰਡ ਵਿੱਚ ਜ਼ਰੂਰੀ, ਲੋੜੀਂਦੀਆਂ ਤਬਦੀਲੀਆਂ ਕਰਕੇ ਉਸ ਨੂੰ ਵਰਤਣਯੋਗ ਬਣਾਇਆ ਹੈ।  ਜਿਸ ਤੋਂ ਪੰਜਾਬੀ ਨੂੰ ਭਰਪੂਰ ਆਸਾਂ ਹਨ। ਸ਼ੁਕਰ ਕਿ ਕੁਛ ਕੁ ਲੋਕਾਂ ਦੀ ਸਮਝ ਵਿੱਚ ਇਸ ਕੀ-ਬੋਰਡ ਦੀ ਵਿਸ਼ੇਸ਼ਤਾ ਦੀ ਸਮਝ ਪਈ ਹੈ।  ਇਸ ਕੀ-ਬੋਰਡ, ਜਿਸਨੂੰ ਪੰਜਾਬੀXL ਦਾ ਨਾਮ ਦਿੱਤਾ ਗਿਆ ਹੈ, ਦੀ ਖ਼ਾਸ ਖ਼ੂਬੀ ਇਹ ਹੈ ਕਿ ਇਹ ਭਾਰਤੀ ਸਰਕਾਰ ਦੇ ਸੀਡੈਕ ਰਾਹੀਂ ਤਿਆਰ ਕੀਤੇ ਹਰ ਕੰਪਿਊਟਰ ‘ਤੇ ਪਹਿਲਾਂ ਹੀ ਉਪਲਬਧ ‘ਇਨਸਕਰਿਪਟ’ ਕੀ-ਬੋਰਡ ਨੂੰ ਪੂਰੀ ਤਰ੍ਹਾਂ ਸੰਮਿਲਿਤ ਕਰਦਾ ਹੈ।  ਇਸ ਵਿੱਚ ਉਹ ਸਾਰੇ ਗੁਣ ਭਰਨ ਦੇ ਨਾਲ਼ ਨਾਲ਼ ‘ਸੁੱਤੀਆਂ ਪਈਆਂ ਸੁਰਾਂ’ ਨੂੰ ਜਗਾਉਣ ਦੇ ਉਹ ਪੂਰਨ ਤੌਰ ਤੇ ਸਮਰੱਥ ਹੋ ਸਕਿਆ ਹੈ।  ਉਸਨੂੰ ਭਾਸ਼ਾ ਪ੍ਰਤੀ ਹਰ ਸੁਹਿਰਦ ਪੰਜਾਬੀ ਨੂੰ ਵਧਾਈ ਦੇਣੀ ਬਣਦੀ ਹੈ।  ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੀ ਨਹੀਂ ਹੋਇਆ ਸਗੋਂ ਹੁਣ ਉਸਨੇ ਆਪਣੀ ਸਭਾ ਦੇ ਸਹਿਯੋਗ ਨਾਲ਼ ਬਰਤਾਨੀਆ ਦੇ ਪੰਜਾਬੀਆਂ ਕੋਲ਼ ਜਾ ਕੇ ਇਸ ਕੀ-ਬੋਰਡ ਤੋਂ ਜਾਣੂੰ ਕਰਾਉਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।  ਪਾਠਕ ਡਾ. ਕੰਦੋਲ਼ਾ ਨਾਲ਼  b.kandola@ntlworld.com  ਸਿੱਧਾ ਸੰਪਰਕ ਵੀ ਕਰ ਸਕਦੇ ਹਨ।

       ਇਨਕਲਾਬੀ ਬੋਲਾਂ, ‘ਗੱਲ ਸਮੇਂ ਆਪਣੀ ਆਖ ਦਿੱਤੀ ਅਰਥ ਕੱਢਣੇ ਕੰਮ ਜਵਾਨੀਆਂ ਦਾ,  ਉਸ ਕੌਮ ਨੂੰ ਸਮਾਂ ਨਹੀਂ ਮਾਫ ਕਰਦਾ ਜਿਹੜੀ ਪਾਵੇ ਨਾ ਮੁੱਲ ਕੁਰਬਾਨੀਆਂ ਦਾ’ – ਅਨੁਸਾਰ ਹੁਣ ਸਮੁੱਚੇ ਪੰਜਾਬੀਆਂ ਵਲੋਂ ਆਪਣੇ ਚਿਰਾਂ ਤੋਂ ਭੁੱਲੇ ਵਿਸਰੇ ਫਰਜ਼ਾਂ ਨੂੰ ਪਛਾਨਣ ਅਤੇ ਪੰਜਾਬੀ ਤਰੱਕੀ ਅਤੇ ਇਸਦੀ ਕੰਪਿਊਟਰ ਉੱਤੇ ਵਰਤੋਂ ਦੇ ਪਾਸਾਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਹਿਮ ਲੋੜ ਹੈ। ਐਸ ਵੇਲੇ ਮਾਰਕੀਟ ਵਿੱਚ ਜੋ ਵੀ ਅਣ-ਮਾਨਤਾ ਪ੍ਰਾਪਤ, ਗੁਮਰਾਹ ਕਰਨ ਵਾਲ਼ਾ ਸਾਜ਼ੋ ਸਮਾਨ ਭਰਿਆ ਪਿਆ ਹੈ ਉਸਨੂੰ ਬਾਹਰ ਕੱਢ ਸੁੱਟਣ ਦੀ ਲੋੜ ਹੈ।  ਲੱਗਦਾ ਤਾਂ ਹੈ ਕਿ ਸਭ ਕੁਛ ‘ਡਲੀਟ’ ਕਰਕੇ ਨਵੇਂ ਸਿਰਿਓਂ ਸਿੱਖਣ ਦੀ ਜ਼ਰੂਰਤ ਹੈ।  ਇਸ ਕੀ-ਬੋਰਡ ਦੀ ਵਿਹਾਰਕ ਵਰਤੋਂ ਬਾਰੇ ਪੰਜਾਬੀ ਵਿਕਾਸ ਮੰਚ ਵਲੋਂ ਦਿੱਤੇ ਜਾ ਰਹੇ ਸਿਖਲਾਈ ਕੋਰਸਾਂ ਦਾ ਵੱਧ ਵੱਧ ਲਾਹਾ ਲੈਣਾ ਸਮੇਂ ਦੀ ਲੋੜ ਹੈ।  ਇਹ ਹੀ ਹਰ ਸੁਹਿਰਦ ਪੰਜਾਬੀ ਦੀ, ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉੁਣ ਵਿੱਚ ਅਹਿਮ ਭੂਮਿਕਾ ਹੋਵੇਗੀ। ਪੰਜਾਬੀ ਭਾਸ਼ਾ ਕੰਪਿਊੂਟਰ ਦੇ ਹਾਣ ਦੀ ਹੋਣ ਦੀ ਮਾਣ ਭਰੀ ਦਿਲੀ ਰੀਝ, ਸ਼ਾਇਦ ਕਦੋਂ ਦੀ ਵਿਸਾਰ ਚੁੱਕੀ ਸੀ।  ਪਰ ਹੁਣ ਸਗਦਾ ਹੈ ਕਿ ਫੇਰ ਓਹੀ ਸੁਪਨਾ ਉਸਦੇ ਮਸਤਕ ਵਿੱਚ ਇੱਕ ਵਾਰ ਫੇਰ ਜਾਗਿਆ ਹੈ।  ਉਮੀਦ ਤਾਂ ਹੈ ਕਿ ਅਗਰ ਪੰਜਾਬੀ ਹੁਣ ਵੀ ਜਾਗ ਪੈਣ, ਸੁਰਤ ਸੰਭਾਲ਼ ਲੈਣ ਅਤੇ ਸਮੇਂ ਦੀ ਨਬਜ਼ ਪਛਾਣ ਲੈਣ, ਤਾਂ ਕੋਈ ਵਜਾਹ ਨਹੀਂ ਕਿ ਪੰਜਾਬੀ ਦਾ ਇਹ ਸੁਪਨਾ ਮੁੜ ਸੰਸਾਰ ਦੇ ਅੰਬਰਾਂ ਤੇ ਲਿਸ਼ਕਾਰੇ ਨਾ ਮਾਰ ਸਕੇ।

ਏਸੇ ਸੰਭਾਵੀ ਆਸ ਨਾਲ਼ !!!

 * ਏਕਮ.ਦੀਪ *

ekam-deep@outlook.com

    Print       Email
  • Published: 716 days ago on August 31, 2015
  • Last Modified: August 31, 2015 @ 10:48 am
  • Filed Under: ਲੇਖ