Loading...
You are here:  Home  >  ਖਬਰਾਂ  >  Current Article

ਦਿਲਜੀਤ ਦੀ “ਸੁਪਰ ਸਿੰਘ” ਤੋਂ ਸ਼੍ਰੋਮਣੀ ਕਮੇਟੀ ਹੋਈ ਨਾਰਾਜ਼

June 19, 2017

ਅੰਮ੍ਰਿਤਸਰ: ਦਿਲਜੀਤ ਦੋਸਾਂਝ ਦੀ ਨਵੀਂ ਫਿਲਮ “ਸੁਪਰ ਸਿੰਘ” ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਫਿਲਮ ‘ਸੁਪਰ ਸਿੰਘ’ ਵਿੱਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਅੰਸ਼ਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਇਸ ਬਾਰੇ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾ ਰਾਮ ਸਿੰਘ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਮੀਤ ਸਕੱਤਰ ਸਿਮਰਜੀਤ ਸਿੰਘ ਤੇ ਧਾਰਮਿਕ ਪ੍ਰੀਖਿਆ ਦੇ ਇੰਚਾਰਜ ਸੁਖਦੇਵ ਸਿੰਘ (ਕੋਆਰਡੀਨੇਟਰ) ਨੂੰ ਸ਼ਾਮਲ ਕਰਕੇ ਫਿਲਮ ਵੇਖਣ ਉਪਰੰਤ ਤੁਰੰਤ ਰਿਪੋਰਟ ਦੇਣ ਨੂੰ ਕਿਹਾ ਹੈ। ਬਡੂੰਗਰ ਨੇ ਕਿਹਾ ਕਿ ਫਿਲਮ ਬਾਰੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਨਾਲ-ਨਾਲ ਮੀਡੀਆ ਰਾਹੀਂ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ।

ਉਨ੍ਹਾਂ ਕਿਹਾ ਕਿ ਪੁੱਜੀਆਂ ਸ਼ਿਕਾਇਤਾਂ ਵਿੱਚ ਜਿਥੇ ਫਿਲਮ ਦੀ ਕਹਾਣੀ ਨੂੰ ਸਿੱਖ ਫਲਸਫੇ ਦੇ ਵਿਰੁੱਧ ਦੱਸਿਆ ਗਿਆ ਹੈ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਵੀ ਮਨਘੜਤ ਕਿਸਮ ਦੇ ਦ੍ਰਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਕਤਾ ਦਾ ਸੋਮਾ ਹੋਣ ਕਾਰਨ ਸਿੱਖਾਂ ਦੇ ਨਾਲ-ਨਾਲ ਸਮੁੱਚੀ ਮਾਨਵਤਾ ਲਈ ਬੇਹੱਦ ਸਤਿਕਾਰਤ ਧਾਰਮਿਕ ਅਸਥਾਨ ਹੈ, ਜਿਸ ਬਾਰੇ ਵਿਵਾਦਤ ਫਿਲਮਾਂਕਣ ਨਹੀਂ ਹੋਣਾ ਚਾਹੀਦਾ। ਜੇਕਰ ਫਿਲਮ ਵਿਚ ਅਜਿਹਾ ਕੀਤਾ ਗਿਆ ਹੈ ਤਾਂ ਇਹ ਠੀਕ ਨਹੀਂ।

ਉਨ੍ਹਾਂ ਕਿਹਾ ਕਿ ਫਿਲਮਾਂ ਵਿਚ ਧਰਮ ਸਬੰਧੀ ਵਿਵਾਦਤ ਜਾਣਕਾਰੀ ਪ੍ਰਸਤੁਤ ਕਰਨੀ ਬਿਲਕੁਲ ਗ਼ਲਤ ਵਰਤਾਰਾ ਹੈ। ਜੇਕਰ ਕੋਈ ਫਿਲਮਸਾਜ਼ ਆਪਣੀ ਫਿਲਮ ਵਿਚ ਸਿੱਖੀ ਨਾਲ ਸਬੰਧਤ ਜਾਣਕਾਰੀ ਦੇਣਾ ਚਾਹੁੰਦਾ ਹੈ ਜਾਂ ਕੋਈ ਦ੍ਰਿਸ਼ ਫਿਲਮਾਉਣਾ ਚਾਹੁੰਦਾ ਹੈ ਤਾਂ ਇਸ ਬਾਰੇ ਫਿਲਮ ਬਣਾਉਣ ਤੋਂ ਪਹਿਲਾਂ ਆਪਣੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਪਾਸ ਭੇਜੀ ਜਾਵੇ ਤੇ ਇਤਰਾਜ਼ ਨਾ ਹੋਣ ਦੀ ਸੂਰਤ ਵਿਚ ਹੀ ਉਸ ਨੂੰ ਫਿਲਮ ਦਾ ਹਿੱਸਾ ਬਣਾਇਆ ਜਾਵੇ। ਵਪਾਰ ਤੇ ਨਿੱਜੀ ਲਾਲਚ ਖਾਤਰ ਕਿਸੇ ਨੂੰ ਵੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਇਸ ਲਈ ਫਿਲਮ ਜਗਤ ਨਾਲ ਜੁੜੇ ਲੋਕ ਆਪਣੀ ਨੈਤਿਕ ਜਿੰਮੇਵਾਰੀ ਦਾ ਅਹਿਸਾਸ ਕਰਨ ਤੇ ਧਾਰਮਿਕ ਸਰੋਕਾਰਾਂ ਦੀ ਕਦਰ ਕਰਦਿਆਂ ਸੁਹਿਰਦ ਪਹੁੰਚ ਅਪਣਾਉਣ।

    Print       Email