Loading...
You are here:  Home  >  ਖਬਰਾਂ  >  Current Article

ਪੰਜਾਬ ਤੋਂ ਸਿੱਖ ਆਗੂਆਂ ਨੇ ਲਾਏ ਦਿੱਲੀ ਡੇਰੇ

February 17, 2017

ਅੰਮ੍ਰਿਤਸਰ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਅਕਾਲੀ ਦਲ ਦਿੱਲੀ (ਸਰਨਾ) ਲਈ ਪ੍ਰਚਾਰ ਕਰਨ ਵਾਸਤੇ ਪੰਜਾਬ ਦੇ ਸਿੱਖ ਆਗੂਆਂ ਨੇ ਰਾਜਧਾਨੀ ਵਿੱਚ ਡੇਰੇ ਲਾ ਲਏ ਹਨ। ਇਨ੍ਹਾਂ ਵਿੱਚ ਵਧੇਰੇ ਸਰਬਤ ਖਾਲਸਾ ਦੀ ਪ੍ਰਬੰਧਕ ਧਿਰ ਨਾਲ ਜੁੜੇ ਆਗੂ ਸ਼ਾਮਲ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ 26 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 24 ਫਰਵਰੀ ਸ਼ਾਮ 5 ਵਜੇ ਤਕ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਇਸ ਵੇਲੇ ਮੁੱਖ ਮੁਕਾਬਲਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਦਿੱਲੀ) ਸਰਨਾ ਵਿਚਾਲੇ ਹੈ, ਜਦੋਂਕਿ ਪੰਥਕ ਸੇਵਾ ਦਲ ਨੇ ਕੁਝ ਥਾਵਾਂ ’ਤੇ ਮੁਕਾਬਲੇ ਨੂੰ ਤਿਕੋਣਾ ਬਣਾ ਦਿੱਤਾ ਹੈ।

ਇਸੇ ਤਰ੍ਹਾਂ ਕੁਝ ਹਲਕਿਆਂ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਸਮਰਥਨ ਪ੍ਰਾਪਤ ਉਮੀਦਵਾਰ ਵੀ ਸ਼ਾਮਲ ਹਨ। ਸਰਨਾ ਗੁੱਟ ਵਾਸਤੇ ਪ੍ਰਚਾਰ ਕਰਨ ਲਈ ਪੰਜਾਬ ਤੋਂ ਕਈ ਸਿੱਖ ਆਗੂ ਦਿੱਲੀ ਪੁੱਜ ਗਏ ਹਨ। ਇਨ੍ਹਾਂ ਸਿੱਖ ਆਗੂਆਂ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਤੇ ਸਰਬੱਤ ਖਾਲਸਾ ਪ੍ਰਬੰਧਕ ਧਿਰ ਦੇ ਆਗੂ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਸਾਬਕਾ ਖਾੜਕੂ ਆਗੂ ਭਾਈ ਵੱਸਣ ਸਿੰਘ ਜਫਰਵਾਲ, ਖਾਲਸਾ ਪੰਚਾਇਤ ਦੇ ਚਰਨਜੀਤ ਸਿੰਘ ਚੰਨੀ, ਪੰਥਕ ਤਾਲਮੇਲ ਸੰਗਠਨ ਵਲੋਂ ਗਿਆਨੀ ਕੇਵਲ ਸਿੰਘ ਤੇ ਸਤਿਕਾਰ ਕਮੇਟੀ ਵਲੋਂ ਜੋਗਿੰਦਰ ਸਿੰਘ ਫੌਜੀ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਭਾਈ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਰੋਸ ਦਾ ਵਿਖਾਵਾ ਕਰਦਿਆਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਦਿੱਲੀ ਚੋਣਾਂ ਵਿੱਚ ਪਰਮਜੀਤ ਸਿੰਘ ਸਰਨਾ ਨੂੰ ਸਮਰਥਨ ਦੇਣ ਲਈ ਪੁੱਜੇ ਗਏ ਹਨ।

ਇਸ ਸਬੰਧੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਦਿੱਲੀ ਵਿੱਚ ਹਾਕਮ ਧਿਰ ਵਿਰੁੱਧ ਪ੍ਰਚਾਰ ਕਰਨਗੇ।  ਇਸ ਦੌਰਾਨ ਸਰਬਤ ਖਾਲਸਾ ਪ੍ਰਬੰਧਕਾਂ ਵਿੱਚ ਸ਼ਾਮਲ ਭਾਈ ਮੋਹਕਮ ਸਿੰਘ ਵਲੋਂ ਸਰਨਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਸਿੱਖਾਂ ਦੇ ਵਿਰੋਧ ਕਾਰਨ ਹੀ ਹਾਕਮ ਧਿਰ ਦੇ ਦਿੱਲੀ ਵਿੱਚ ਲੱਗੇ ਹੋਰਡਿੰਗਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਮਨਫੀ ਹਨ।

    Print       Email
  • Published: 71 days ago on February 17, 2017
  • Last Modified: February 17, 2017 @ 8:26 am
  • Filed Under: ਖਬਰਾਂ