Loading...
You are here:  Home  >  ਖਬਰਾਂ  >  Current Article

ਖਾਲਸਾ ਪੰਥ ਦੇ ਸਾਜਨਾ ਦਿਵਸ ‘ਤੇ ਵਿਸਾਖੀ ਸਬੰਧੀ ਡਰਬੀ ਵਿਖੇ ਨਗਰ ਕੀਰਤਨ – ਸਿੱਖ ਆਗੂਆਂ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਸਲੇ ਦਾ ਵਿਰੋਧ

April 20, 2017

* ਹਜ਼ਾਰਾਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ -

* ਗਤਕਾ ਅਖਾੜਿਆਂ ਦੇ ਨੌਜਵਾਨਾਂ ਨੇ ਦਿਖਾਏ ਗਤਕੇ ਦੇ ਜੌਹਰ

ਡਰਬੀ – (ਪੰਜਾਬ ਟਾਈਮਜ਼) ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਮਗੜ੍ਹੀਆ ਸਭਾ, ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਸਭਾ, ਡਰਬੀ ਦੇ ਚਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਡਰਬੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਐਤਵਾਰ 16 ਅਪ੍ਰੈਲ ਨੂੰ ਖਾਲਸਾ ਪੰਥ ਦਾ ਸਿਰਜਣਾ ਦਿਵਸ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ । ਪਹਿਲਾਂ ਸਵੇਰ ਵੇਲੇ ਚਾਰੇ ਗੁਰੂ ਘਰਾਂ ਵਿਖੇ ਹਫ਼ਤਾਵਾਰੀ ਦੀਵਾਨ ਸਜਾਏ ਗਏ ਜਿਸ ਦੌਰਾਨ ਸਥਾਨਕ ਰਾਗੀ ਅਤੇ ਪ੍ਰਚਾਰਕ ਜਥਿਆਂ ਨੇ ਕੀਰਤਨ ਕੀਤਾ, ਵਿਸਾਖੀ ਸਬੰਧੀ ਚਾਨਣਾ ਪਾਇਆ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਦੋ ਕੁ ਵਜੇ ਦੇ ਕਰੀਬ ਵੱਡੇ ਗੁਰਦਆਰਾ
ਸਾਹਿਬ ਸਟੇਨਹੋਪ ਸਟ੍ਰੀਟ ਤੋਂ ਨਗਰ ਕੀਰਤਨ ਆਰੰਭ ਹੋ ਕੇ ਹੋਇਆ ਪ੍ਰਿੰਸੈਸ ਸਟ੍ਰੀਟ ਤੇ ਸਿੰਘ ਸਭਾ ਕੋਲੋਂ ਦੀ ਲੰਘਿਆ । ਪੰਜ ਨਿਸ਼ਾਨ ਸਾਹਿਬਾਂ ਵਾਲੇ ਸਿੰਘ, ਉਨ੍ਹਾਂ ਪਿੱਛੇ ਪੰਜ ਪਿਆਰੇ ਕੇਸਰੀ ਰੰਗ ਦੇ ਖਾਲਸਾਈ ਬਾਣੇ ਵਿਚ ਸਜੇ ਹੋਏ ਚੱਲ ਰਹੇ ਸਨ । ਉਨ੍ਹਾਂ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਲੀਸ਼ਾਨ ਪਾਲਕੀ ਆ ਰਹੀ ਸੀ, ਜਿਸ ਦੇ ਸੰਗਤਾਂ ਦਰਸ਼ਨ ਕਰਕੇ ਖੁਸ਼ੀਆਂ ਲੈ ਰਹੀਆਂ ਸਨ । ਨਾਲ ਨਾਲ ਗੁਰੂ ਘਰਾਂ ਦੇ ਪ੍ਰਬੰਧਕ ਅਤੇ  ਕੀਰਤਨੀ ਜਥੇ ਮਗਰਲੇ ਫਲੋਟਾਂ (ਗੱਡੀਆਂ) ਵਿਚ ਕੀਰਤਨ ਕਰਦੇ ਹੋਏ ਚੱਲ ਰਹੇ ਸਨ ।
ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੇ ਪਹੁੰਚਣ ਤੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਸਿਰੋਪਾਓ ਨਾਲ ਪੰਜਾਂ ਪਿਆਰਿਆਂ ਦਾ ਮਾਣ ਸਨਮਾਨ ਕੀਤਾ ਅਤੇ ਸਮੁੱਚੀਆਂ ਸੰਗਤਾਂ ਦੀ ਸੇਵਾ ਕੀਤੀ । ਇਸ ਮੌਕੇ ਸਿੰਘ ਸਭਾ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਪ੍ਰਧਾਨ ਸ: ਰਘਬੀਰ ਸਿੰਘ, ਡਾ: ਦਲਜੀਤ ਸਿੰਘ ਵਿਰਕ, ਕੌਂਸਲਰ ਬਲਬੀਰ ਸਿੰਘ ਸੰਧੂ, ਰਾਮਗੜ੍ਹੀਆ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ: ਮੋਹਨ ਸਿੰਘ ਮਨਕੂ, ਪੰਥਕ ਆਗੂ ਸ: ਰਮਿੰਦਰ ਸਿੰਘ ਅਤੇ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਮੇਜਰ ਸਿੰਘ ਖੱਖ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੰਦੇ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਸਭ ਨੂੰ ਆਪਣੀ ਡਿਊਟੀ ਨਿਭਾਉਣ ਲਈ ਬੇਨਤੀ ਕੀਤੀ । ਡਾ: ਵਿਰਕ ਵੱਲੋਂ ਅਕਾਲ ਪ੍ਰਾਇਮਰੀ ਸਕੂਲ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ।
  ਇਸ ਮੌਕੇ ਸ: ਪੁਰੇਵਾਲ ਅਤੇ ਦੂਜੇ ਬੁਲਾਰਿਆਂ ਨੇ ਕਿਹਾ, ਅਸੀਂੰ ਸਿੱਖ ਪਰਿਵਾਰਾਂ ਵਿੱਚ ਜਨਮ ਮਿਲਿਆ ਹੈ, ਸਾਡਾ ਫਰਜ਼ ਬਣਦਾ ਹੈ ਕਿ ਸਿੱਖ ਧਰਮ ਅਨੁਸਾਰ ਜੀਵਨ ਅਪਣਾਈਏ ਤੇ ਮਾਤਾ ਪਿਤਾ ਤੇ ਸਮਾਜ ਦੀ ਸੇਵਾ ਕਰੀਏ  ਉਕਤ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਬਾਰੇ ਦਿੱਤੇ ਫ਼ੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਹਨਾਂ ਕਿਹਾ ਕੈਪਟਨ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ । ਪ੍ਰਵਾਸੀ ਪੰਜਾਬੀ ਮਹਿਸੂਸ ਕਰਦੇ ਹਨ ਕਿ ਕੈਪਟਨ ਨੇ ਕੇਵਲ ਡਿਫੈਂਸ ਮਨਿਸਟਰ ਸ: ਸੱਜਣ ਦੇ ਖਿਲਾਫ਼ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵਸਦੇ ਸਮੂਹ ਪੰਜਾਬੀਆਂ ਦਾ ਅਪਮਾਨ ਕੀਤਾ ਹੈ ਤੇ ਉਹਨਾਂ ਨੂੰ ਪੰਜਾਬ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ । ਕੈਪਟਨ ਸਰਕਾਰ ਨੇ ਇਹ ਜੋ ਫ਼ੈਸਲਾ ਕੀਤਾ ਹੈ, ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਦੇ ਬਿਆਨ ਨਾਲ ਸਮੂਹ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ।
 ਰਾਮਗੜ੍ਹੀਆ ਸਭਾ ਸੈਂਟ ਥੌਮਸ ਰੋਡ, ਅਤੇ ਸ੍ਰੀ ਗੁਰੂ ਰਵਿਦਾਸ ਸਭਾ ਵਿਖੇ ਪਹੁੰਚਣ ਤੇ ਇਹਨਾਂ ਗੁਰੂ ਘਰਾਂ ਦੀਆਂ ਸੰਗਤਾਂ ਨੇ ਗੁਰੂ ਮਹਾਰਾਜ ਦਾ ਬੜੇ ਅਦਬ ਨਾਲ ਸਤਿਕਾਰ ਕੀਤਾ ਅਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।   ਪੰਜਾਂ ਪਿਆਰਿਆਂ ਅਤੇ ਪੰਜ ਨਿਸ਼ਾਨ ਸਾਹਿਬਾਂ ਵਾਲੇ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ।
ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਵੱਖ ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਠੰਢੇ ਮਿੱਠੇ ਜੂਸ, ਚਾਹ, ਪਾਣੀ, ਪਕੌੜੇ ਅਤੇ ਮਠਿਆਈਆਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ । ਦੋਵੇਂ ਗੁਰੂ ਘਰਾਂ ਦੇ ਗਤਕਾ ਅਖਾੜਿਆਂ ਨੇ ਭਾਗ ਲਿਆ । ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ ਸਿੰਘ ਸਭਾ ਦੇ ਭਾਈ ਪਿਆਰਾ ਸਿੰਘ ਦੇ ਤਿਆਰ ਕੀਤੇ ਨੌਜਵਾਨਾਂ ਤੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ । ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੀਲੇ, ਨੀਲੇ ਤੇ ਬਸੰਤੀ ਰੰਗ ਬਿਖੇਰਦੀਆਂ ਹੋਈਆਂ ਜਾ ਰਹੀਆਂ ਸਨ । ਬੱਚੇ ਬੱਚੀਆਂ, ਨੌਜਵਾਨ ਤੇ ਬਜ਼ੁਰਗ ਸਭ ਸੰਗਤਾਂ ਸ਼ਾਮਿਲ ਸਨ । ਬਹੁਤ ਸਾਰੀਆਂ ਸੰਸਥਾਵਾਂ ਦੇ ਬੈਨਰ ਲੱਗੇ ਹੋਏ ਸਨ । ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਮਿਊਜ਼ੀਅਮ ਦੇ ਵੀ ਦਰਸ਼ਨ ਕੀਤੇ। ਕਈ ਵਪਾਰਕ ਅਦਾਰਿਆਂ ਨੇ ਆਪਣੀਆਂ ਗੱਡੀਆਂ ਨਾਲ ਸੰਗਤਾਂ ਦੀ ਸੇਵਾ ਕੀਤੀ। ਇਹਨਾਂ ਦੇ ਇਲਾਵਾ ਨਗਰ ਕੀਰਤਨ ਵਿਚ ਸਾਰੇ ਗੁਰੂ ਘਰਾਂ ਦੇ ਸੇਵਾਦਾਰ ਅਤੇ ਹੋਰ ਸਥਾਨਕ ਆਗੂ ਸ਼ਾਮਿਲ ਸਨ ।

    Print       Email
  • Published: 119 days ago on April 20, 2017
  • Last Modified: April 20, 2017 @ 9:35 am
  • Filed Under: ਖਬਰਾਂ