Loading...
You are here:  Home  >  ਖਬਰਾਂ  >  Current Article

‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਜੀ ਦੇ ਨਾਂ ਖੁੱਲ੍ਹਾ ਖ਼ਤ’

July 17, 2017

ਪੰਜ ਸਿੰਘ ਸਾਹਿਬਾਨ ਵੱਲੋਂ ਆਰ ਐਸ ਐਸ ਤੋਂ ਸੁਚੇਤ ਰਹਿਣ ਸਬੰਧੀ ਸੰਦੇਸ਼ ਦੀ ਅਣਦੇਖੀ ਕਰਨ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ !

ਸਤਿਕਾਰ ਯੋਗ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਜੀ, ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

ਜਥੇਦਾਰ ਮਹਿੰਦਰ ਸਿੰਘ ਖਹਿਰਾ

ਪ੍ਰੋਫੈਸਰ ਸਾਹਿਬ ਆਪ ਜੀ ਮਹਾਨ ਵਿਦਵਾਨ ਹੋ ਅਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਹੋ । ਆਪ ਜੀ ਨੇ “ਗੁਰਮਤਿ ਵਿਚਾਰ ਤੇ ਸਿੱਖੀ ਜੀਵਨ, ਜਿਨੀ ਸੱਚ ਪਛਾਣਿਆ, ਜਿਨਾਂ ਧਰਮ ਨਹੀਂ ਹਾਰਿਆ ਅਤੇ ਗੁਰਮਤਿ ਸੱਭਿਆਚਾਰ ਵਰਗੀਆਂ ਬਹੁ-ਮੁੱਲੀਆਂ ਪੁਸਤਕਾਂ ਪੰਥ ਦੀ ਝੋਲੀ ਪਾਈਆਂ ਹਨ। ਆਪ ਜੀ ਦੀਆਂ ਪੁਸਤਕਾਂ ਦਾ ਸਾਰ ਅੰਸ਼ ਹੈ ਕਿ “ਗੁਰੂ ਨਾਨਕ ਦੇਵ ਜੀ ਨੇ ਰੱਬੀ ਏਕਤਾ ਤੇ ਮਨੁੱਖੀ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਇਕ ਐਸੀ ਸਮਾਜਿਕ ਵਿਵਸਥਾ ਦੀ ਕਲਪਨਾ ਕੀਤੀ, ਜਿਥੇ ਹੱਕ-ਸੱਚ, ਨੇਕੀ-ਇਨਸਾਫ, ਪ੍ਰੇਮ ਪਿਆਰ-ਅਮਨ-ਸ਼ਾਂਤੀ, ਪਰਉਪਕਾਰ ਆਦਿ ਦੀਆਂ ਉੱਚੀਆਂ ਇਖ਼ਲਾਕੀ ਕਦਰਾਂ-ਕੀਮਤਾਂ ਲੋਕਾਂ ਦੇ ਜੀਵਨ ਵਿੱਚ ਸਰਸ਼ਾਰ ਹੋਣ । ਗੁਰੂ ਸਾਹਿਬ ਦੇ ਇਲਾਹੀ ਸੰਦੇਸ਼ ਉੱਪਰ ਅਮਲ ਦੇ ਵਿੱਚੋਂ ਕਈ ਐਸੇ ਆਦਰਸ਼ ਮਨੁੱਖ ਪੈਦਾ ਹੋਏ, ਜਿਨ੍ਹਾਂ ਨੂੰ ‘ਸਚਿਆਰ ਗੁਰਸਿੱਖ, ਗੁਰਮੁੱਖ ਬ੍ਰਹਮ ਗਿਆਨੀ ਆਦਿ ਦੀ ਪਦਵੀ ਪ੍ਰਾਪਤ ਹੈ ।
ਜਿਥੇ ਇਨ੍ਹਾਂ ਲੋਕਾਂ ਦੀ ਰੂਹਾਨੀ ਤੌਰ ‘ਤੇ ਲਿਵ ਅਕਾਲ ਪੁਰਖ ਨਾਲ ਲੱਗੀ ਹੋਈ ਸੀ, ਉਥੇ ਸਮਕਾਲੀ ਸਮਾਜ ਨੂੰ ਦਰਪੇਸ਼ ਸੰਕਟ ਪ੍ਰਤੀ ਉਨ੍ਹਾਂ ਭਾਗਵਾਦੀ ਤੇ ਭਾਂਜਵਾਦੀ ਰੁੱਖ ਅਖਤਿਆਰ ਨਹੀਂ ਕੀਤਾ ਸੀ । ਇਨ੍ਹਾਂ ਮਹਾਂਪੁਰਖਾਂ ਨੇ ਆਪਣੀ ਜੀਵਨ ਜਾਚ ਰਾਹੀਂ ਉੱਚਤਮ ਆਦਰਸ਼ ਤੇ ਮਿਸਾਲਾਂ ਕਾਇਮ ਕੀਤੀਆਂ । ਅਣਖ ਤੇ ਸਵੈਮਾਨ ਨਾਲ ਜੀਊਣ ਦਾ ਸਬਕ ਪੜ੍ਹਿਆ ਅਤੇ ਪੜ੍ਹਾਇਆ । ਬਦੀ ਦੀਆਂ ਤਾਕਤਾਂ ਨਾਲ ਸਮਝੌਤਾ ਨਹੀਂ, ਬਲਕਿ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ” । ਬਡੂੰਗਰ ਸਾਹਿਬ ਆਪ ਜੀ ਦੀ ਪੁਸਤਕ, ਜਿਨ੍ਹਾਂ ਧਰਮ ਧਰਮ ਨਹੀਂ ਹਾਰਿਆ ਨਵੰਬਰ 2009 ਵਿੱਚ ਪਹਿਲੀ ਵਾਰੀ ਛਪੀ ਸੀ, ਉਸ ਵਿੱਚ ਆਪ ਜੀ ਨੇ 18 ਸਿਦਕੀ ਜਿਊੜਿਆਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਮਾਣਿਕ ਸਰੋਤਾਂ ਦੇ ਆਧਾਰ ‘ਤੇ ਉਲੀਕਿਆ ਹੈ । ਪਰ ਹੈਰਾਨੀ ਦੀ ਗੱਲ ਹੈ ਕਿ ਆਪ ਜੀ ਨੇ ਵੀ ਵੀਹਵੀਂ ਸਦੀ ਦੇ ਮਹਾਨ ਸਿੱਖ, ਸ਼ਹੀਦ ਸੰਤ ਜਨਰੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੁਝ ਨਹੀਂ ਲਿਖਿਆ ।
“20ਵੀਂ ਸਦੀ ਵਿੱਚ ਸੰਤਾਂ ਦੀ ਸ਼ਹਾਦਤ ਨੇ ਜਿਥੇ ਸਿੱਖ ਸਿਧਾਂਤਾਂ ਦੀ ਸੁੱਚਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ, ਉਥੇ ਉਨ੍ਹਾਂ ਨੇ ਸਿੱਖ ਸਿਆਸਤ ਦੀ ਦਸ਼ਾ ਵੀ ਬਦਲ ਕੇ ਰੱਖ ਦਿੱਤੀ। ਉਨ੍ਹਾਂ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਸਹੀ ਤਰਜ਼ਮਾਨੀ ਕਰਦਿਆਂ ਖਾਲਸਾ ਪੰਥ ਨੂੰ ਆਪਣੀ ਹੋਣੀ ਦੇ ਮਾਲਕ ਆਪ ਬਣਨ ਦਾ ਰਾਹ ਦਿਖਾਇਆ ।” ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖਾਂ ਦੀ ਵਿਰਾਸਤ, ‘ਗੁਰੂ ਗ੍ਰੰਥ ਅਤੇ ਗੁਰੂ ਪੰਥ ਸਿੱਖਾਂ ਦੀ ਸੁਤੰਤਰ ਅਤੇ ਵਿਲੱਖਣ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਅਕਾਲ ਤਖ਼ਤ ਦੇ ਸਨਮੁੱਖ ਸ਼ਹਾਦਤ ਦਾ ਜਾਮ ਪੀਤਾ । ਤੋਪਾਂ ਟੈਂਕਾਂ ਨਾਲ ਲੈਸ ਲੱਖਾਂ ਭਾਰਤੀ ਫੌਜੀਆਂ ਦਾ ਆਪਣੇ ਮੁੱਠੀ ਭਰ ਸਾਥੀ ਸਿੰਘਾਂ ਨਾਲ ਸੰਤ ਭਿੰਡਰਾਂਵਾਲਿਆਂ ਨੇ 72 ਘੰਟੇ ਜੰਗ ਕਰਕੇ ‘ਚਮਕੌਰ ਦੀ ਗੜ੍ਹੀਵਾਲੀ ਜੰਗ’ ਦੇ ਇਤਿਹਾਸ ਨੂੰ ਦੁਹਰਾ ਦਿੱਤਾ ਸੀ ।
“ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਨੂੰ ਸਥਾਪਤ ਕਰਨ ਲਈ ਜੱਦੋ-ਜਹਿਦ ਨੂੰ ਪ੍ਰਚੰਡ ਕੀਤਾ ਅਤੇ ਦਲਿਤ ਵਰਗ ਦੀਆਂ ਸਮੱਸਿਆਵਾਂ ਪ੍ਰਤੀ ਡੂੰਘੀ ਰੀਝ ਨਾਲ ਤੱਕ ਕੇ ਉਨ੍ਹਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ । ਉਨ੍ਹਾਂ ਅਕਾਲ ਤਖ਼ਤ ਦੀ ਪ੍ਰਭੂਸੱਤਾ ਸੰਪੰਨ ਹੋਂਦ ਨੂੰ ਦਿੱਲੀ ਦਰਬਾਰ ਦੇ ਤਖ਼ਤ ਨਾਲੋਂ ਉੱਚਿਆ ਕੇ ਉਭਾਰਿਆ । ਉਹ ਇਕ ਇਕੱਲਾ ਸ਼ਖਸ ਸੀ, ਜਿਸ ਨੇ ਸਿੱਖ ਸੰਸਥਾਵਾਂ ਦੇ ਕੱਦ ਨੂੰ ਉੱਚਾ ਚੁੱਕਣ ਲਈ ਗੁਰਬਾਣੀ ਦੀ ਮੁਕੰਮਲ ਨੁਹਾਰ ਨੂੰ ਸਿੱਖ ਜੀਵਨ ਵਿੱਚ ਢਾਲਣ ਦਾ ਇਨਕਲਾਬੀ ਕਦਮ ਸਫਲਤਾਪੂਰਵਕ ਪੁੱਟਿਆ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸ਼ਹਾਦਤ ਦੇਣੀ ਪਈ, ਸਮੁੱਚੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਤੇ ਰਾਜਸੀ ਅਤੇ ਕਿਸਾਨ ਵਰਗ ਦੀਆਂ ਸਮੱਸਿਆਵਾਂ ਦੀ ਡੱਟ ਕੇ ਵਕਾਲਤ ਕਰਦਿਆਂ ਕੇਂਦਰ ਸਰਕਾਰ ਦੇ ਲੋਕਤੰਤਰੀ ਲਿਬਾਸ ਵਿੱਚ ਫਿਰਕਾਪ੍ਰਸਤ ਚਿਹਰੇ ਨੂੰ ਨੰਗਾ ਕੀਤਾ । ਸੰਤ ਜਰਨੈਲ ਸਿੰਘ ਨੇ ਸਿੱਖ ਲਹਿਰ ਨੂੰ ਜਿਹੜਾ ਰੰਗ ਗੁਰਬਾਣੀ ਨੂੰ ਸਿੱਖ ਜੀਵਨ ਵਿੱਚ ਢਾਲ ਕੇ ਦਿੱਤਾ, ਉਸ ਨਾਲ ਦਲਿਤ ਵਰਗ ਸਿੱਖੀ ਵੱਲ ਪ੍ਰੇਰਿਤ ਹੋਇਆ, ਜਿਸ ਨਾਲ ਜਾਤ-ਪਾਤ ਰਹਿਤ ਸਮਾਜ ਦੀ ਖਾਲਸ ਨੁਹਾਰ ਵਾਲੀ ਸਿਰਜਣਾ ਪ੍ਰਗਟ ਹੋ ਰਹੀ ਸੀ”।
ਬਡੂੰਗਰ ਸਾਹਿਬ ਸੰਤ ਜਰਨੈਲ ਸਿੰਘ ਜੀ ਬਾਰੇ ਉਕਤ ਹਵਾਲੇ ਇਸ ਕਰਕੇ ਲਿਖੇ ਹਨ ਕਿ ਜਿਸ ਸੰਤ ਜਰਨੈਲ ਸਿੰਘ ਨੇ ਜੂਨ 1984 ਨੂੰ ਸ਼ਹਾਦਤ ਦੇ ਕੇ ਗੁਰਮਤਿ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆ, ਆਪ ਜੀ ਨੇ 2009 ਵਿੱਚ ਛਪੀ ਆਪਣੀ ਪੁਸਤਕ ਵਿੱਚ ਉਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਿਉਂ ਨਹੀਂ ਕੀਤਾ । ਅਸੀਂ ਆਪ ਜੀ ਪਾਸੋਂ ਇਸ ਦੀ ਵਜ੍ਹਾ ਜਾਨਣੀ ਚਾਹਵਾਂਗੇ । ਇਹ ਸੁਆਲ ਪੁੱਛਣ ਦੀ ਵਜ੍ਹਾ ਇਹ ਹੈ ਕਿ ਬਾਬਾ ਹਰਨਾਮ ਸਿੰਘ ਜੀ ਧੁੰਮਾਂ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਸ਼ਹੀਦ ਸਿੰਘਾਂ ਦੇ ਨਾਂ ਉੱਤੇ ਸ਼ਹੀਦ ਗੈਲਰੀ ਬਣਾ ਕੇ ਉਸ ਵਿੱਚ ਸੰਤ ਜਰਨੈਲ ਸਿੰਘ ਅਤੇ ਸ਼ਹੀਦ ਸਿੰਘਾਂ ਦੀ ਫੋਟੋਆਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ । ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪ੍ਰਵਚਨ ਹਨ ਕਿ “ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਸਮਝਦਾ । ਸਗੋਂ ਜ਼ਮੀਰ ਦਾ ਮਰ ਜਾਣਾ ਯਕੀਨਣ ਮੌਤ ਹੈ । ਮੇਰੀਆਂ ਨਜ਼ਰਾਂ ਵਿੱਚ ਤਾਂ ਕਿਸੇ ਸਿੱਖ ਦੀ ਮੌਤ ਉਦੋਂ ਹੁੰਦੀ ਹੈ, ਜਦੋਂ ਉਹ ਆਪਣੀ ਜ਼ਮੀਰ ਨੂੰ ਸਿੱਖ ਦੁਸ਼ਮਣ ਤਾਕਤਾਂ ਅਰਥਾਤ ਭਾਰਤ ਸਰਕਾਰ, ਹਿੰਦੂ ਸਾਮਰਾਜ ਦੀ ਗੁਲਾਮੀ ਸਵੀਕਾਰ ਕਰਕੇ ਇਹ ਕਹਿ ਦੇਵੇ ਕਿ ਸਿੱਖ ਇਕ ਕੌਮ ਨਹੀਂ ਹੈ । ਇਸ ਨੂੰ ਇਕ ਆਜ਼ਾਦ ਤੇ ਖੁਦ-ਮੁਖਤਿਆਰ ਰਾਜ ਭਾਗ ਦੀ ਕੋਈ ਲੋੜ ਨਹੀਂ ਅਤੇ ਰਾਜ ਕਰੇਗਾ ਖਾਲਸਾ ਦਾ ਸੰਕਲਪ ਖਾਲਸਾ ਪੰਥ ਦਾ ਸੰਕਲਪ ਨਹੀਂ ਤਾਂ ਮੈਂ ਸਮਝਦਾ ਹਾਂ ਕਿ ਉਹ ਸਿੱਖ ਮਰਿਆ ਹੋਇਆ ਹੈ” ।
ਹੁਣ ਬਡੂੰਗਰ ਸਾਹਿਬ ਕਿਹੜਾ ਸਿੱਖ ਮਰਿਆ ਕਿਹੜਾ ਸਿੱਖ ਜਿਊਂਦਾ, ਇਸ ਦਾ ਫੈਸਲਾ ਤਾਂ ਗੁਰੂ ਗ੍ਰੰਥ, ਗੁਰੂ ਪੰਥ ਹੀ ਕਰ ਸਕਦਾ ਹੈ । ਕਿਉਂਕਿ ਇਸ ਦਾ ਫੈਸਲਾ ਦੁਸ਼ਮਣ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਪੰਥ ਦੀ ਬੁੱਕਲ ਵਿੱਚ ਪਲ ਰਹੇ ਸੱਪ ਤਾਂ ਨਹੀਂ ਕਰ ਸਕਦੇ । ਬਡੂੰਗਰ ਸਾਹਿਬ ਇਕ ਹੋਰ ਇਤਿਹਾਸਕ ਤੱਥ ਆਪ ਜੀ ਨਾਲ ਸਾਂਝਾ ਕਰਦਾ ਹਾਂ ।
“ਕੌਮਾਂ ਬਾਹਰ ਮੁੱਖੀ ਹਾਦਸਿਆਂ ਹੱਥੋਂ ਨਹੀਂ ਮਰਦੀਆਂ । ਇਨ੍ਹਾਂ ਨੂੰ ਇਨ੍ਹਾਂ ਦੇ ਅੰਦਰਲੇ ਭਭੀਖਣ ਲੈ ਡੁੱਬਦੇ ਹਨ । ਚਟਾਨਾਂ ਨੂੰ ਤੂਫਾਨ ਹਿਲਾ-ਡੇਗ ਨਹੀਂ ਸਕਦੇ, ਸਗੋਂ ਇਨ੍ਹਾਂ ਦੀਆਂ ਤਹਿਆਂ ਵਿੱਚ ਹੋਣ ਵਾਲੀ ਉØੱਥਲ-ਪੁØੱਥਲ ਇਨ੍ਹਾਂ ਨੂੰ ਭੋਰਾ ਭੋਰਾ ਕਰ ਦਿੰਦੀ ਹੈ” । ਅਤੇ “ਕੌਮਾਂ ਘੱਲੂਘਾਰਿਆਂ ਅਤੇ ਲੜਾਈ ਵਿੱਚ ਨਹੀਂ ਮਰਦੀਆਂ, ਸੁਲ੍ਹਾ ਵਿੱਚ ਖਤਮ ਹੁੰਦੀਆਂ ਹਨ” ।
ਬਡੂੰਗਰ ਸਾਹਿਬ ਆਪ ਜੀ ਵਿਦਵਾਨ ਹੋ, ਇਸ ਕਰਕੇ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਹਿੰਦੂ ਧਰਮ ਅਤੇ ਸਿੱਖ ਧਰਮ ਦੋ ਅਲੱਗ-ਅਲੱਗ ਧਰਮ ਹਨ । ਸਿੱਖ ਸੱਭਿਆਚਾਰ ਤੇ ਹਿੰਦੂ ਸੱਭਿਆਚਾਰ ਦੋਨੋਂ ਇਕ ਦੂਜੇ ਦੇ ਉਲਟ ਹਨ । ਦੋਨਾਂ ਵਿੱਚ ਸਾਂਝਾਂ ਘੱਟ ਅਤੇ ਦੂਰੀਆਂ ਜ਼ਿਆਦਾ ਹਨ । ਸਿੱਖ ਧਰਮ ਤੇ ਹਿੰਦੂ ਧਰਮ ਵਿੱਚਕਾਰ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ ਦਸ ਗੁਰੂ ਸਾਹਿਬਾਨ ਨੇ ਵਾਹੀ ਹੈ । ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਦੇ ਡੁੱਲ੍ਹੇ ਲਹੂ ਨੇ ਇਸ ਲਕੀਰ ਨੂੰ ਇੰਨਾ ਪੱਕਾ ਕਰ ਦਿੱਤਾ ਹੈ ਕਿ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ । ਸਿੱਖ ਕੌਮ ਕੋਲ ਮਾਣ ਕਰ ਸਕਣ ਵਾਲਾ ਅਠਾਰਵੀਂ ਸਦੀ ਦਾ ਸਿੱਖ ਇਤਿਹਾਸ ਹੈ ਅਤੇ ਸਿੱਖ ਧਰਮ ਦੇ ਸੁਨਹਿਰੀ ਸਿਧਾਂਤ ਹਨ ਤੇ ਵੱਖਰੀ ਪਛਾਣ ਹੈ । ਬਡੂੰਗਰ ਸਾਹਿਬ ਭਾਰਤ ਦੇ ਰਾਜ-ਤੰਤਰ ਵੱਲੋਂ ਸਿੱਖ ਸ਼ਤਾਬਦੀਆਂ ਮਨਾਉਣ ਦੀ ਥਾਂ 350ਵੇਂ, 550ਵੇਂ ਪ੍ਰਕਾਸ਼ ਮਨਾਉਣ ਦੀ ਪਰਪਾਟੀ ਪ੍ਰਚੱਲਤ ਕਰਨ ਪਿੱਛੇ ਆਰ ਐੱਸ ਐੱਸ ਦੀ ਮੰਦ ਭਾਵਨਾ ਇਹ ਹੈ ਕਿ ਸਿੱਖ ਧਰਮ ਤੇ ਹਿੰਦੂ ਧਰਮ ਦਾ ਮਿਲ-ਗੋਭਾ ਕਰ ਦਿੱਤਾ ਜਾਵੇ ਅਤੇ ਹਿੰਦੂ ਸਿੱਖ ਏਕਤਾ ਦੇ ਬਹਾਨੇ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਤਿਆਗ ਦੇਣ ਲਈ ਪ੍ਰੇਰਿਆ ਜਾਵੇ । ਬਡੂੰਗਰ ਸਾਹਿਬ ਆਪ ਜੀ ਦੀਆਂ ਅੱਖਾਂ ਦੇ ਸਾਹਮਣੇ ਸਿੱਖ ਇਤਿਹਾਸ ਨੂੰ ਬੜੀ ਸਾਜਿਸ਼ ਤਹਿਤ ਬਦਲਿਆ ਜਾ ਰਿਹਾ ਹੈ, ‘ਸੁਪਰ ਸਿੰਘ’ ਵਰਗੀਆਂ ਬੇ-ਤੁਕੀਆਂ ਫਿਲਮਾਂ ਬਣਾ ਕੇ ਜੂਨ 84 ਨੂੰ ਭਾਰਤੀ ਫੌਜਾਂ ਨਾਲ ਲੜ ਕੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਸਿੱਖ ਕੌਮ ਨੂੰ ਭੱਗਵੇਂਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਲਈ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਦੇ ਭੱਗਵਾਂਧਾਰੀ ਮੁੱਖੀ ਗਿਆਨ ਦੇਵ, ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਦੀ ਸਿੱਖ ਸੰਸਥਾਵਾਂ ਵਿੱਚ ਘੁੱਸਪੈਠ ਕਰਵਾਈ ਜਾ ਰਹੀ ਹੈ । ਬਡੂੰਗਰ ਸਾਹਿਬ ਆਪ ਜੀ ਇਹ ਵੀ ਭਲੀ-ਭਾਂਤ ਜਾਣਦੇ ਹੋ, ਹਰਦੁਆਰੀਏ, ਨਿਰਮਲੇ, ਉਦਾਸੀ ਦਸਮੇਸ਼ ਪਿਤਾ ਦੇ ਅੰਮ੍ਰਿਤ ‘ਤੇ ਨਿਸ਼ਚਾ ਨਹੀਂ ਰੱਖਦੇ ਅਰਥਾਤ ਅੰਮ੍ਰਿਤ ਛੱਕ ਕੇ ਪੰਜ ਕਕਾਰੀ ਰਹਿਤ ਦੇ ਧਾਰਨੀ ਨਹੀਂ ਹਨ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪੱਦਵੀ ਨੂੰ ਸਵੀਕਾਰ ਕਰਦੇ ਹਨ, ਸਗੋਂ ਹਿੰਦੂ ਸੰਸਕ੍ਰਿਤੀ ਅਨੁਸਾਰ ਦੇਹਧਾਰੀ ਗੁਰੂ ਚੇਲੇ ਦੇ ਸਿਧਾਂਤ ਨੂੰ ਮੰਨਦੇ ਹਨ, ਭੱਗਵਾਂ ਲਿਬਾਸ ਪਹਿਨਦੇ ਹਨ । ਇਸ ਕਰਕੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਅਕਾਲ ਤਖ਼ਤ ਤੇ 15 ਮੈਂਬਰੀ ਕਮੇਟੀ ਵਿੱਚ ਭੱਗਵਾਂਧਾਰੀ ਨਿਰਮਲੇ ਸੰਪਰਦਾ ਅਤੇ ਉਦਾਸੀ ਸੰਪਰਦਾ ਦੇ ਮੁਖੀਆਂ ਨੂੰ ਸ਼ਾਮਿਲ ਕਰਨ ਪਿੱਛੇ ਕਿਹੜੀ ਭਾਵਨਾ ਕੰਮ ਕਰ ਰਹੀ ਹੈ
ਰਾਸ਼ਟਰੀ ਸਵੈਮ ਸੰਘ (੍ਰ।ੰ।ੰ।) ਨੇ ਆਪਣੀ ਭੈਣ ਰਾਸ਼ਟਰੀ ਸਿੱਖ ਸੰਗਤ (੍ਰ।ੰ।ੰ।)) ਨਾਮ ਦੀ ਸੰਸਥਾ ਖੜ੍ਹੀ ਕੀਤੀ ਹੋਈ ਹੈ, ਜਿਸ ਦੇ ਮੈਂਬਰ ਖੁੱਲ੍ਹੇ ਦਾਹੜੇ ਸਿੱਖੀ ਸਰੂਪ ਵਾਲੇ ਨਜ਼ਰ ਆਉਂਦੇ ਹਨ । ਸਿੱਖ ਧਰਮ ਦਾ ਭੱਗਵਾਂਕਰਨ ਕਰਨ ਲਈ ਉਨ੍ਹਾਂ ਨੂੰ ਗੁਰਬਾਣੀ ਦੀ ਸਿੱਖਲਾਈ ਆਪਣੇ ਸਿਆਸੀ ਮੰਤਵ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖੀ ਸਿਧਾਂਤਾਂ ਤੋਂ ਪਰੇ ਧੱਕਣ ਲਈ ਦਿੱਤੀ ਜਾ ਰਹੀ ਹੈ ।
23-7-2004 ਨੂੰ ਨੰ: ਅ- 3-04-3207 ਸੰਦੇਸ਼ ਰਾਹੀਂ ਪੰਜ ਸਿੰਘ ਸਾਹਿਬਾਨ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਪੰਥ ਵਿਰੋਧੀ ਸੰਸਥਾ ਕਰਾਰ ਦਿੱਤਾ ਗਿਆ ਸੀ । ਇਸ ਸੰਦੇਸ਼ ਦੀ ਪੂਰੀ ਕਾਪੀ ਮੌਜੂਦ ਹੈ, ਪਰ ਇਸ ਖ਼ਤ ਵਿੱਚ ਟੂਕ ਮਾਤਰ ਹੀ ਹਵਾਲਾ ਦੇਵਾਂਗਾ ।
“ਪੰਥ ਵਿਰੋਧੀ ਆਰ ਐੱਸ ਐੱਸ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ – ਸਮੂਹ ਸਿੱਖ ਸੰਗਤਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਇਸ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ । ਸਿੱਖ ਪੰਥ ਦੀ ਪ੍ਰਤੀਨਿੱਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸ਼ਤਾਬਦੀਆਂ ਦੇ ਸਮਾਗਮਾਂ ਨੂੰ ਪੰਥਕ ਜਾਹੋ ਜਲਾਲ ਅਤੇ ਧੂਮ-ਧਾਮ ਨਾਲ ਮਨਾਉਣ ਲਈ ਢੁੱਕਵੇਂ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਲਈ ਸਮੂਹ ਸੰਗਤਾਂ ਸਹਿਯੋਗ ਦੇਣ” ।
ਇਸ ਕਰਕੇ ਬਡੂੰਗਰ ਸਾਹਿਬ ਨਿਮਰਤਾ ਸਹਿਤ ਬੇਨਤੀ ਹੈ ਕਿ ਦੇਸ਼, ਵਿਦੇਸ਼ ਦੇ ਸਿੱਖਾਂ ਨੂੰ ਇਹ ਦੱਸਣ ਦੀ ਜ਼ਰੂਰ ਕ੍ਰਿਪਾਲਤਾ ਕਰੋ, 5 ਜਨਵਰੀ 2017 ਨੂੰ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਮੋਦੀ ਸਰਕਾਰ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਕਰੋੜ ਰੁਪਏ ਦੀ ਗਰਾਂਟ ਦੇ ਕੇ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਦੀ ਆਗਿਆ ਕਿਵੇਂ ਦੇ ਦਿੱਤੀ   ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਆਯੋਜਿਤ ਕੀਤੇ ਪ੍ਰੋਗਰਾਮ ਵਿੱਚ ਆਪ ਜੀ ਨੇ ਸ਼ਮੂਲੀਅਤ ਕਰਕੇ ਸਿੱਖ ਸਿਧਾਂਤਾਂ ਦੇ ਉਲਟ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਤਸਵੀਰ ਸਨਮਾਨ ਚਿੰਨ੍ਹ ਵਜੋਂ ਕਿਉਂ ਭੇਟ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਦੀ ਪਰੰਪਰਾ ਹੈ ਦਰਬਾਰ ਸਾਹਿਬ ਦੀ ਤਸਵੀਰ ਸਨਮਾਨ ਵਜੋਂ ਦਿੱਤੀ ਜਾਂਦੀ ਹੈ । ਆਪ ਜੀ ਦੀ ਸ਼ਾਨ ਦੇ ਖਿਲਾਫ ਜਾਣੇ ਅਨਜਾਣੇ ਵਿੱਚ ਕੁਝ ਕਿਹਾ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ, ਪਰ ਉੱਤਰ ਦੇਣ ਦੀ ਕ੍ਰਿਪਾਲਤਾ ਜਰੂਰ ਕਰਨੀ । ਬਡੂੰਗਰ ਸਾਹਿਬ, ਸੱਚ ਤਾਂ ਇਹ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਵਿਦੇਸ਼ਾਂ ਵਿੱਚ ਆਜ਼ਾਦ ਹਨ ।

ਜਥੇਦਾਰ ਮਹਿੰਦਰ ਸਿੰਘ ਖਹਿਰਾ
ਮੁੱਖ ਸੇਵਾਦਾਰ
ਗੁਰਦੁਆਰਾ ਅੰਮ੍ਰਿਤ ਪ੍ਰਚਾਰ
ਧਾਰਮਿਕ ਦੀਵਾਨ ਓਲਡਬਰੀ

    Print       Email