Loading...
You are here:  Home  >  ਖੇਡ ਸੰਸਾਰ  >  Current Article

ਚੈਂਪੀਅਨਜ਼ ਟਰਾਫੀ : ਸ਼੍ਰੀਲੰਕਾ ਨੂੰ ਹਰਾ ਪਾਕਿਸਤਾਨ ਨੇ ਕੀਤਾ ਸੈਮੀਫਾਈਨਲ ‘ਚ ਪ੍ਰਵੇਸ਼

June 13, 2017

ਲੰਡਨ: ਚੈਂਪੀਅਨਸ ਟਰਾਫੀ ‘ਚ ਸੋਮਵਾਰ ਨੂੰ ਸ਼੍ਰੀਲੰਕਾਈ ਅਤੇ ਪਾਕਿਸਤਾਨ ਟੀਮ ‘ਚ ਮੁਕਾਬਲਾ ਹੋਇਆਂ ਜਿਸ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਸਰਫਰਾਜ਼ ਅਹਿਮਦ ਦੀ ਅਜੇਤੂ 61 ਦੌੜਾਂ ਦੀ ਬੇਸ਼ਕੀਮਤੀ ਕਪਤਾਨੀ ਪਾਰੀ ਨਾਲ ਪਾਕਿਸਤਾਨ ਨੇ ਰੋਮਾਂਚਕ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 31 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 49.2 ਓਵਰਾਂ ਵਿਚ 236 ਦੌੜਾਂ ‘ਤੇ ਢੇਰ ਕਰ ਦਿੱਤਾ ਸੀ ਪਰ ਟੀਚੇ ਦਾ ਪਿੱਛਾ ਕਰਦਿਆਂ ਉਸ ਨੇ ਆਪਣੀਆਂ ਸੱਤ ਵਿਕਟਾਂ 162 ਦੌੜਾਂ ‘ਤੇ ਗੁਆ ਦਿੱਤੀਆਂ ਸਨ। ਅਜਿਹੀ ਨਾਜ਼ੁਕ ਸਥਿਤੀ ਵਿਚ ਸਰਫਰਾਜ਼ ਨੇ ਜ਼ਿੰਮੇਵਾਰੀ ਨਿਭਾਉਂਦਿਆਂ ਤੇ ਮੁਹੰਮਦ ਆਮਿਰ ਨਾਲ 75 ਦੌੜਾਂ ਦੀ ਬੇਸ਼ਕੀਮਤੀ ਅਜੇਤੂ ਸਾਂਝੇਦਾਰੀ ਕਰ ਕੇ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। ਪਾਕਿਸਤਾਨ ਨੇ 44.5 ਓਵਰਾਂ ਵਿਚ 7 ਵਿਕਟਾਂ ‘ਤੇ 237 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਤੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ।

ਸਰਫਰਾਜ਼ ਨੇ 79 ਗੇਂਦਾਂ ‘ਤੇ ਅਜੇਤੂ 61 ਦੌੜਾਂ ਵਿਚ ਪੰਜ ਚੌਕੇ ਲਗਾਏ ਜਦਕਿ ਆਮਿਰ ਨੇ 43 ਗੇਂਦਾਂ ‘ਤੇ ਅਜੇਤੂ 28 ਦੌੜਾਂ ਵਿਚ ਇਕ ਚੌਕਾ ਲਗਾਇਆ। ਓਪਨਰ ਫਕਰ ਜ਼ਾਮਾਨ ਨੇ 36 ਗੇਂਦਾਂ ‘ਤੇ 50 ਦੌੜਾਂ ਵਿਚ 8 ਚੌਕੇ ਤੇ ਇਕ ਛੱਕਾ ਲਗਾਇਆ ਜਦਕਿ ਅਜ਼ਹਰ ਅਲੀ ਨੇ 50 ਗੇਂਦਾਂ ‘ਤੇ 34 ਦੌੜਾਂ ਬਣਾਈਆਂ। ਸ਼੍ਰੀਲੰਕਾ ਇਸ ਹਾਰ ਤੇ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਖੁਦ ਜ਼ਿੰਮੇਵਾਰ ਰਹੀ, ਜਿਸ ਦੇ ਫੀਲਡਰਾਂ ਨੇ ਇਕ ਨਹੀਂ ਸਗੋਂ ਕਈ ਆਸਾਨ ਕੈਚ ਛੱਡੇ ਤੇ ਹਾਰ ਨੂੰ ਗਲੇ ਲਗਾ ਲਿਆ। ਸ਼੍ਰੀਲੰਕਾ ਵਲੋਂ ਨੁਵਾਨ ਪ੍ਰਦੀਪ ਨੇ 60 ਦੌੜਾਂ ‘ਤੇ 3 ਵਿਕਟਾਂ ਲਈਆਂ। ਸਰਫਰਾਜ਼ ਨੂੰ ਉਸ ਦੀ ਕਪਤਾਨੀ ਪਾਰੀ ਲਈ ‘ਮੈਨ ਆਫ ਦਿ ਮੈਚ’ ਐਲਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਓਪਨਰ ਨਿਰੋਸ਼ਨ ਡਿਕਵੇਲਾ (73) ਦੇ ਸ਼ਾਨਦਾਰ ਅਰਧ-ਸੈਂਕੜੇ ਨਾਲ ਸ਼੍ਰੀਲੰਕਾ ਨੇ 236 ਦੌੜਾਂ ਬਣਾਈਆਂ ਪਰ ਉਸ ਦੇ ਫੀਲਡਰਾਂ ਦੀ ਨਾਕਾਮੀ ਨਾਲ ਸ਼੍ਰੀਲੰਕਾਈ ਟੀਮ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੀ।ਡਿਕਵੇਲਾ ਦੀਆਂ 86 ਗੇਂਦਾਂ ‘ਚ ਚਾਰ ਚੌਕਿਆਂ ਦੀ ਮਦਦ ਨਾਲ 73 ਦੌੜਾਂ ਦੇ ਬਾਵਜੂਦ ਸ਼੍ਰੀਲੰਕਾ ਨੇ ਇਕ ਸਮੇਂ ਆਪਣੀਆਂ 7 ਵਿਕਟਾਂ 167 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਅਸੇਲਾ ਗੁਣਾਰਤਨੇ ਨੇ 44 ਗੇਂਦਾਂ ‘ਤੇ ਇਕ ਚੌਕੇ ਦੀ ਮਦਦ ਨਾਲ 27 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡ ਕੇ ਲੜਨਯੋਗ ਸਕੋਰ ਤਕ ਪਹੁੰਚਾ ਦਿੱਤਾ।

ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ‘ਚ ਚੰਗਾ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ, ਜਦਕਿ ਸ਼੍ਰੀਲੰਕਾ ਇਕ ਸਮੇਂ 32ਵੇਂ ਓਵਰ ਤਕ ਤਿੰਨ ਵਿਕਟਾਂ ‘ਤੇ 161 ਦੌੜਾਂ ਬਣਾ ਕੇ ਚੰਗੀ ਸਥਿਤੀ ‘ਚ ਸੀ ਪਰ ਫਿਰ ਉਸ ਨੇ 167 ਦੌੜਾਂ ਤਕ ਜਾਂਦੇ-ਜਾਂਦੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੁਨੈਦ ਖਾਨ ਨੇ 10 ਓਵਰਾਂ ਵਿਚ 40 ਦੌੜਾਂ ‘ਤੇ 3 ਵਿਕਟਾਂ ਲਈਆਂ, ਜਦਕਿ ਤੇਜ਼ ਗੇਂਦਬਾਜ਼ ਹਸਨ ਅਲੀ ਨੇ 10 ਓਵਰਾਂ ਵਿਚ 43 ਦੌੜਾਂ ‘ਤੇ 3 ਵਿਕਟਾਂ ਲਈਆਂ। ਮੁਹੰਮਦ ਆਮਿਰ ਨੇ 53 ਦੌੜਾਂ ‘ਤੇ 2 ਵਿਕਟਾਂ ਤੇ ਡੈਬਿਊ ਮੈਚ ਖੇਡ ਰਹੇ 23 ਸਾਲਾ ਤੇਜ਼ ਗੇਂਦਬਾਜ਼ ਫਹੀਮ ਅਸ਼ਰਫ ਨੇ 37 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ।
ਡਿਕਵੇਲਾ ਛੇਵੇਂ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 162 ਦੇ ਸਕੋਰ ‘ਤੇ ਆਊਟ ਹੋਇਆ। ਦਾਨੁਸ਼ਕਾ ਗੁਣਾਤਿਲਕੇ ਨੇ 13, ਕੁਸ਼ਾਲ ਮੇਂਡਿਸ ਨੇ 27 ਤੇ ਕਪਤਾਨ ਐਂਜਲੋ ਮੈਥਿਊਜ਼ ਨੇ 54 ਗੇਂਦਾਂ ‘ਚ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਸਕੋਰ ‘ਚ 19 ਵਾਧੂ ਦੌੜਾਂ ਦਾ ਵੀ ਯੋਗਦਾਨ ਰਿਹਾ।

    Print       Email